ਨਾਟਕ ਆਰ. ਐਸ. ਵੀ. ਪੀ. ਦੀ ਕਮਾਲ ਦੀ ਪੇਸ਼ਕਾਰੀ
ਮੇਰੀ ਨਜ਼ਰ ਵਿੱਚ ਕੀਰਤੀ ਕਿਰਪਾਲ ਨੇ ਆਪਣੀ ਨਿਰਦੇਸ਼ਣ-ਸ਼ੈਲੀ ਵਿੱਚ ਇਕ ਕਦਮ ਹੋਰ ਪੁੱਟਿਆ ਹੈ : ਜਗਦੀਪ ਸੰਧੂ
‘ਨਾਟਿਅਮ’ ਵੱਲੋਂ ਆਯੋਜਿਤ ਚਾਰ ਰੋਜ਼ਾ ਨਾਟ ਮੇਲੇ ਦੌਰਾਨ ਪਾਲੀ ਭੁਪਿੰਦਰ ਸਿੰਘ ਦੀ ਬਹੁ-ਚਰਚਿਤ ਕਾਮੇਡੀ 'ਆਰ. ਐਸ. ਵੀ. ਪੀ.' (ਰੋਂਦਾ ਸੱਤੀ ਵਿਆਹ ਤੋਂ ਪਹਿਲਾਂ) ਵੇਖਣ ਦਾ ਅਵਸਰ ਮਿਲਿਆ. ਦੇਸ਼-ਵਿਦੇਸ਼ਾਂ ਵਿਚ ਮਕਬੂਲ ਹੋਏ ਇਸ ਨਾਟਕ ਵਿਚ ਜਿਥੇ ਗਲਤ ਤਰੀਕਿਆਂ ਨਾਲ ਵਿਦੇਸ਼ਾਂ ਵਿੱਚ ਨਾ ਜਾਣ ਬਾਰੇ ਸੁਨੇਹਾ ਦਿੱਤਾ ਗਿਆ ਹੈ, ਉਥੇ ਨਾਟਕਕਾਰ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਦੀ ਆਪਣੇ ਜੀਵਨ ਸਾਥੀ ਪ੍ਰਤੀ ਸਮਰਪਨ ਤੇ ਤਿਆਗ ਦੀ ਖਤਮ ਹੋ ਰਹੀ ਪ੍ਰਵਿਰਤੀ ਨੂੰ ਵੀ ਬੜੇ ਹੀ ਕਲਾਤਮਿਕ ਤੇ ਵਿਅੰਗਮਈ ਅੰਦਾਜ਼ ਵਿੱਚ ਪੇਸ਼ ਕਰਦਾ ਹੈ. ਮੌਜੂਦਾ ਜ਼ਿੰਦਗੀ ਵਿੱਚ ਹਰੇਕ ਮਨੁੱਖ ਕਿਸੇ ਨਾ ਕਿਸੇ ਗੱਲੋਂ ਦੁਖੀ ਹੈ. ਜੇ ਥੀਏਟਰ ਮਨੁੱਖ ਨੂੰ ਹਸਾ ਕੇ ਉਸਦੀ ਜ਼ਿੰਦਗੀ ਵਿੱਚ ਕੁਝ ਤਾਜ਼ਗੀ ਲਿਆਉਂਦਾ ਹੋਇਆ ਵੀ ਸਮਾਜ ਦੇ ਕਿਸੇ ਸੀਰੀਅਸ ਮੁੱਦੇ ਤੇ ਸੰਵਾਦ ਰਚਾਉਂਦਾ ਹੈ ਤਾਂ ਨਿਸ਼ਚੇ ਹੀ ਇਹ ਥੀਏਟਰ ਦੀ ਪ੍ਰਾਪਤੀ ਹੈ. ਪੰਜਾਬੀ ਰੰਗਮੰਚ ਵਿੱਚ ਇਹੋ ਜਿਹੀਆਂ ਕਾਮੇਡੀ ਸਕਰਿਪਟਾਂ ਦੀ ਘਾਟ ਹੈ ਜੋ ਕਿ ਦਰਸ਼ਕਾਂ ਨੂੰ ਰੱਜ ਕੇ ਹਸਾਉਣ ਵੀ ਤੇ ਕੋਈ ਸਾਰਥਿਕ ਸੁਨੇਹਾ ਵੀ ਦੇ ਸਕਣ. ਇਹੀ ਇਸ ਸਕਰਿਪਟ ਦੀ ਪ੍ਰਾਪਤੀ ਹੈ.
![]() |
ਜਗਦੀਪ ਸੰਧੂ |
ਜਿੱਥੋਂ ਤੱਕ ਸਕ੍ਰਿਪਟ ਦੀ ਗੱਲ ਹੈ, ਇਹ ਸਕ੍ਰਿਪਟ ਮੁੱਖ ਰੂਪ ਵਿਚ ਸੰਵਾਦਾਂ ਰਾਹੀਂ ਵਿਅੰਗ ਅਤੇ ਹਾਸਾ ਦੋਹੇਂ ਪੈਦਾ ਕਰਦੀ ਹੈ. ਨਿਰਦੇਸ਼ਕ ਕੀਰਤੀ ਕਿਰਪਾਲ ਨੂੰ ਮੰਚ ਉੱਤੇਂ ਇਹ ਦੋਹੇਂ ਪੈਦਾ ਕਰਨ ਲਈ ਮੀਡੀਏ ਵਰਗੀ ਕਿਸੇ ਤਕਨੀਕੀ ਗਿਮ੍ਕਰੀ ਦਾ ਸਹਾਰਾ ਨਹੀਂ ਲੈਣਾ ਪਿਆ. ਸਗੋਂ ਉਸਨੇ ਸਕਰਿਪਟ ਨੂੰ ਹੀ ਪ੍ਰਮੁੱਖਤਾ ਦੇ ਕੇ ਉਸ ਵਿੱਚ ਆਪਣੀ ਨਿਰਦੇਸ਼ਕੀ ਸਮਰੱਥਾ ਦਾ ਅਹਿਸਾਸ ਕਰਵਾਇਆ ਹੈ. ਕੀਰਤੀ ਕਿਰਪਾਲ ਪੰਜਾਬੀ ਰੰਗਮੰਚ ਦਾ ਉਹ ਨਿਰਦੇਸ਼ਕ ਹੈ, ਜਿਸਦੀ ਕੋਈ ਵੀ ਪੇਸ਼ਕਾਰੀ ਹੋਵੇ, ਉਸ ਵਿੱਚ ਕੋਈ ਚੀਜ਼ ਥੋਪੀ ਨਹੀਂ ਹੁੰਦੀ ਸਗੋਂ ਸਭ ਕੁਝ ਸਹਿਜ-ਸੁਭਾਵਿਕ ਹੀ ਹੁੰਦਾ ਹੈ.
ਪੇਸ਼ਕਾਰੀ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਮੰਚ ਤੇ ਕੇਵਲ ਇਕ ਸੋਫੇ ਤੋਂ ਬਿਨਾਂ (ਸੋਫਾ ਵੀ ਅਧੂਰਾ…ਕੇਵਲ ਤਿੰਨ ਸੀਟਾਂ ਵਾਲਾ ਹੀ ) ਹੋਰ ਕੋਈ ਵੀ ਸੈੱਟ ਦੀ ਸਮੱਗਰੀ ਨਹੀਂ ਸੀ. ਸਵਾ ਘੰਟੇ ਦਾ ਨਾਟਕ ਬਿਨਾਂ ਕਿਸੇ ਵਿਸ਼ੇਸ਼ ਸੈੱਟ ਤੇ ਪ੍ਰਾਪਰਟੀ ਤੋਂ ਮੰਚ ਤੇ ਖੇਡਣਾ ਇਕ ਵੱਡੀ ਚੁਨੌਤੀ ਸੀ. ਹੁਣ ਨਿਰਦੇਸ਼ਕ ਕੋਲ ਮੰਚ ਭਰਨ ਵਾਸਤੇ ਕੇਵਲ ਦੋ ਹਥਿਆਰ ਹੀ ਰਹਿ ਜਾਂਦੇ ਹਨ – ਮੂਵਮੈਂਟਸ ਅਤੇ ਪਾਤਰਾਂ ਦੀ ਅਦਾਕਾਰੀ ਦਾ ਪੱਧਰ. ਮੂਵਮੈਂਟਸ ਸੰਖੇਪ ਤੇ ਸਾਫ਼-ਸੁਥਰੀਆਂ ਸਨ. ਨਿਰਦੇਸ਼ਕ ਵੱਲੋਂ ਬਹੁਤਾ ਜ਼ੋਰ ਅਦਾਕਾਰੀ ਦੇ ਪੱਧਰ ਤੇ ਦਿੱਤਾ ਗਿਆ. ਨਾਟਕ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਰਾਜ਼ ਨਿਰਦੇਸ਼ਕ ਦੁਆਰਾ ਨਾਟਕ ਦਾ ਮੂਡ ਅਤੇ ਉਸਨੂੰ ਸਹੀ ਅਨੁਪਾਤ ਵਿੱਚ ਸਮਝਣਾ ਸੀ. ਇਕ ਕਾਮੇਡੀ ਨਾਟਕ ਦੀ ਸਮੱਸਿਆ ਇਹ ਹੁੰਦੀ ਹੈ ਕਿ ਐਡੀ ਵੱਡੀ ਸਕਰਿਪਟ ਵਿੱਚ ਤੁਸੀਂ ਕਿੰਨ੍ਹਾ ਕੁ ਚਿਰ ਦਰਸ਼ਕਾਂ ਨੂੰ ਹਸਾ ਸਕਦੇ ਹੋ. ਲਗਾਤਾਰ ਦਰਸ਼ਕਾਂ ਨੂੰ ਨਾਲ ਜੋੜੀ ਰੱਖਣ ਲਈ ਨਾਟਕ ਦੀ ਰਫ਼ਤਾਰ, ਹਰੇਕ ਦ੍ਰਿਸ਼ ਦਾ ਸਮੁੱਚੀ ਸਕਰਿਪਟ ਦੇ ਅਨੁਸਾਰ ਸਹੀ ਅਨੁਪਾਤ ਵਿੱਚ ਪ੍ਰਦਰਸਿ਼ਤ ਹੋਣਾ, ਵਾਰਤਾਲਾਪ ਦੀ ਟੋਨ ਅਤੇ ਪਿੱਚ ਆਦਿ ‘ਸਭ ਕੁਝ’ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਇਸ ਪੇਸ਼ਕਾਰੀ ਵਿੱਚ ਇਸ ‘ਸਭ ਕੁਝ’ ਤੇ ਬਹੁਤ ਹੀ ਸੂਖਮ ਢੰਗ ਨਾਲ ਕੰਮ ਕੀਤਾ ਇਹ ਹੋਇਆ ਸੀ.
ਸੱਤੀ ਦੀ ਭੁਮਿਕਾ ਵਿੱਚ ਗਗਨਦੀਪ ਦੀ ਕਰੈਕਟਰ ਤੇ ਕਾਫ਼ੀ ਪਕੜ ਸੀ. ਗਗਨਦੀਪ ਸੰਜੀਦਗੀ ਨਾਲ ਪਿਛਲੇ 8-9 ਸਾਲਾਂ ਤੋਂ ਰੰਗਮੰਚ ਨਾਲ ਜੁੜਿਆ ਹੋਇਆ ਹੈ ਅਤੇ ਇਕ ਬੇਹਤਰਹੀਨ ਅਦਾਕਾਰ ਹੈ, ਜਿਸਨੇ ਲਗਾਤਾਰ ਆਪਣੇ ਆਪ ਵਿੱਚ ਸੁਧਾਰ ਕੀਤਾ ਹੈ. ਕੋਈ ਸ਼ੱਕ ਨਹੀਂ ਕਿ ਉਸਨੇ ਬੜੇ ਹੀ ਖੂਬਸੂਰਤ ਢੰਗ ਨਾਲ ਆਪਣੀ ਭੂਮਿਕਾ ਨਿਭਾ ਕਿ ਸਕਰਿਪਟ ਨਾਲ ਇਨਸਾਫ਼ ਕੀਤਾ ਪਰ ਲਗਾਤਾਰ ਉਸਦੇ ਕੰਮ ਨੂੰ ਵੇਖਦਿਆਂ ਮੈਨੂੰ ਲਗਦਾ ਹੈ ਕਿ ਗਗਨਦੀਪ ਨੂੰ ਆਪਣੀ ਅਦਕਾਰੀ ਦੀ ਵਿਧੀ ਤੇ ਸ਼ੈਲੀ ਵਿੱਚ ਕੁਝ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ. ਲਗਾਤਾਰ ਇੱਕੋ ਪ੍ਰਕਿਰਤੀ ਦੇ ਕਿਰਦਾਰ ਅਤੇ ਅਭਿਨੈ ਕਰਦਿਆਂ ਇਕ ਐਕਟਰ ਲਈ ਸਭ ਤੋਂ ਵੱਡਾ ਖਤਰਾ ਉਸਦੇ 'ਟਾਇਪ੍ਡ' ਹੋਣ ਦਾ ਹੁੰਦਾ ਹੈ ਤੇ ਗਗਨ ਨੂੰ ਰਹਿੰਦੇ ਸਮੇਂ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ. ਕਲਾਕਾਰ ਦੀ ਵੈਰਾਇਟੀ ਇਸ ਗੱਲ ਵਿੱਚ ਹੀ ਨਹੀਂ ਹੁੰਦੀ ਕਿ ਉਹ ਗੰਭੀਰ,ਕਾਮੇਡੀ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਭੂਮਿਕਾ ਨੂੰ ਬਾਖੂਬੀ ਨਿਭਾ ਸਕੇ. ਵੈਰਾਇਟੀ ਲਈ ਕਿਤੇ ਨਾ ਕਿਤੇ ਅਦਾਕਾਰ ਦੇ ਵਾਰਤਾਲਾਪ ਬੋਲਣ ਦਾ ਅੰਦਾਜ਼, ਉਸਦਾ ਗੁੱਸੇ ਹੋਣਾ, ਹੱਸਣਾ,ਹੈਰਾਨ ਹੋਣਾ, ਕਰੁਣਾ ਭਾਵ...ਆਦਿ ਸਭੋ ਕੁਝ ਵਿਸ਼ੇਸ਼ ਮਹੱਤਵ ਰੱਖਦਾ ਹੈ. ਸਾਹਿਤਕ ਭਾਸ਼ਾ ਵਿੱਚ ਇਸ ਨੂੰ ‘ਸਾਤਵਿਕ ਅਭਿਨੈ’ ਕਿਹਾ ਜਾਂਦਾ ਹੈ. ਫਟਾਫਟ ਸਿੰਘ ਦੀ ਭੂਮਿਕਾ ਵਿੱਚ ਹਰਜੋਤ ਗੋਲੇਵਾਲੀਆ ਦਾ ਅੰਦਾਜ਼ ਬਹੁਤ ਖੂਬਸੂਰਤ ਲੱਗਿਆ. ਹਰਜੋਤ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਕੋਈ ਵੀ ਭੂਮਿਕਾ ਨਿਭਾ ਰਿਹਾ ਹੋਵੇ ਉਸ ਵਿੱਚ ਇਕ ਸੱਜਰਾਪਨ ਜ਼ਰੂਰ ਹੁੰਦਾ ਹੈ ਅਤੇ ਹਰ ਨਵੇਂ ਨਾਟਕ ਵਿੱਚ ਇਕ ਵੱਖਰੀ ਤਰਾਂ ਦੇ ਹਰਜੋਤ ਦੇ ਦਰਸ਼ਨ ਹੁੰਦੇ ਹਨ. ਫਟਾਫਟ ਸਿੰਘ ਦੀ ਭੂਮਿਕਾ ਵਿੱਚ ਹਰਜੋਤ ਦੀ ਵਿਸ਼ੇਸ਼ਤਾ ਇਹ ਸੀ ਕਿ ਉਸਦੇ ਵਾਰਤਾਲਾਪ ਬੋਲਣ ਦੇ ਅੰਦਾਜ਼ ਵਿੱਚ ਇਕ ਵਿਸੇ਼ਸ਼ ਪ੍ਰਕਾਰ ਦੀ ਗਰਿੱਪ (ਪਕੜ) ਸੀ. ਉਸਨੇ ਬਹੁਤ ਹੀ ਘੱਟ ਓਣਪਰੲਸਸੋਿਨ ਨਾਲ ਬੜੇ ਹੀ ਸਪਾਟ ਦੇ ਸਾਧਾਰਨ ਢੰਗ ਨਾਲ ਭੂਮਿਕਾ ਨਿਭਾਈ ਜੋ ਕਿ ਇਕ ਵਿਸ਼ੇਸ ਕਸਿ਼ਸ਼ ਰੱਖਦੀ ਸੀ. ਦੂਜੀ ਵਿਸ਼ੇਸ਼ਤਾ ਇਹ ਸੀ ਕਿ ਉਸਨੇ ਆਪਣੇ ਕਰੈਕਟਰ ਦੀ ਸੀਮਾ ਵਿੱਚ ਰਹਿ ਕੇ ਦੂਜੇ ਪਾਤਰ (ਸੱਤੀ ) ਲਈ ਸਪੇਸ ਵੀ ਪੈਦਾ ਕੀਤੀ ਤੇ ਆਪਣੀ ਸਪੇਸ ਦਾ ਵੀ ਭਰਪੂਰ ਪ੍ਰਯੋਗ ਕੀਤਾ. ਉਸਨੇ ਆਪਣੇ ਸਾਥੀ ਅਦਾਕਾਰ ਨਾਲ ਸਾਕਾਰਤਮਕ ਜੁਗਲਬੰਦੀ ਪੈਦਾ ਕੀਤੀ ਤੇ ਕਿਤੇ ਵੀ ਦੂਜੇ ਪਾਤਰ ਤੇ ਸਕਰਿਪਟ ਦੀ ਸੀਮਾ ਤੋਂ ਬਾਹਰ ਜਾ ਕੇ ਭਾਰੂ ਹੋਣ ਦੀ ਕੋਸਿ਼ਸ਼ ਨਹੀਂ ਕੀਤੀ ਤੇ ਨਾ ਹੀ ਜਬਰਦਸਤੀ ਕਾਮੇਡੀ ਪੈਦਾ ਕਰਨ ਦੀ ਕੋਸਿ਼ਸ਼ ਕੀਤੀ, ਸਗੋਂ ਸਭ ਕੁਝ ਸੁਭਾਵਿਕ ਹੀ ਸੀ. ਕੁਝ ਇਹੋ ਜਿਹੇ ਨੁਕਤਿਆਂ ਕਰਕੇ ਹੀ ਹਰਜੋਤ ਦਾ ਅੰਦਾਜ਼ ਵਿਲੱਖਣ ਸੀ.ਜੀਤੋ ਦੀ ਭੂਮਿਕਾ ਵਿੱਚ ਅਮਨਪ੍ਰੀਤ ਦੀ ਅਦਾਕਾਰੀ ਸੰਤੋਖਜਨਕ ਸੀ ਜਿਸ ਵਿੱਚ ਅਜੇ ਹੋਰ ਵੀ ਸੰਭਾਵਨਾ ਮੌਜੂਦ ਸੀ. ਅਮਨਪ੍ਰੀਤ ਨੂੰ ਥੋੜਾ ਹੋਰ ਖੁਲ੍ਹ ਕੇ ਖੇਡਣ ਦੀ ਜ਼ਰੂਰਤ ਹੈ. ਪ੍ਰੰਤੂ ਉਸਦਾ ਇਹ ਕਾਮੇਡੀ ਅੰਦਾਜ਼ ਉਸਦੀ ਅਦਾਕਾਰੀ ਦੇ ਨਿਵੇਕਲੇ ਅਯਾਮ ਖੋਲਦਾ ਪ੍ਰਤੀਤ ਹੋ ਰਿਹਾ ਸੀ. ਸੈਮ ਦੀ ਭੂਮਿਕਾ ਵਿੱਚ ਤਾਂ ਜੁਗਨੂੰ ਨੇ ਕਮਾਲ ਹੀ ਕਰ ਦਿੱਤੀ. ਜੁਗਨੂੰ ਬਿਲਕੁੱਲ ਰੰਗਮੰਚ ਦਾ ਇਕ ਨਵਾਂ ਕਲਾਕਾਰ ਹੈ, ਜਿਸ ਦੀ ਆਵਾਜ਼ ਵਿੱਚ ਸੰਗੀਤ, ਮਧੁਰਤਾ ਤੇ ਰੂਮਾਨੀਅਤ ਹੈ. ਜੁਗਨੂੰ ਨੇ ਬੜੀ ਹੀ ਐਨਰਜ਼ੀ ਨਾਲ ਆਪਣੀ ਭੂਮਿਕਾ ਨਿਭਾਈ ਤੇ ਆਪਣੇ ਨਿਵੇਕਲੇ ਅੰਦਾਜ਼ ਤੇ ਕੁਝ ਕੁ ਵਾਰਤਾਲਾਪਾਂ ਨਾਲ ਹੀ ਦਰਸ਼ਕਾਂ ਦੇ ਮਨ ਵਿੱਚ ਇਕ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਲਈ. ਜੁਗਨੂੰ ਇਕ ਸੰਭਾਵਨਾ ਭਰਪੂਰ ਅਦਾਕਾਰ ਹੈ.
ਕੁੱਲ ਮਿਲਾ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਹੋਵੇਗੀ ਨਾਟਕ ਦੀ ਸਫ਼ਲਤਾ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇਕ ਇਹ ਵੀ ਹੈ ਕਿ ਇਸ ਦੀ ਅਦਾਕਾਰੀ ਦਾ ਪੱਧਰ ਬਹੁਤ ਅਮੀਰ ਸੀ ਤੇ ਇਹ ਸਕਰਿਪਟ ਵੀ ਚੰਗੇ ਕਲਾਕਾਰਾਂ ਦੀ ਮੰਗ ਕਰਦੀ ਹੈ. ਪਰ ਸਾਡੇ ਪੰਜਾਬੀ ਦੀ ਇਕ ਕਹਾਵਤ ਹੈ ਕਿ “ਗੁਰੂ ਬਿਨਾਂ ਗਤ ਨਹੀਂ , ਸ਼ਾਹ ਬਿਨਾਂ ਪੱਤ ਨਹੀਂ”. ਇਸ ਪੇਸ਼ਕਾਰੀ ਦਾ ਗੁਰੂ ਸੀ ਕੀਰਤੀ ਕਿਰਪਾਲ. ਇਹ ਮੰਚ ਦੀਆਂ ਸਾਰੀਆਂ ਕਠਪੁਤਲੀਆਂ ਦੀ ਡੋਰ ਨਿਰਦੇਸ਼ਕ ਦੇ ਹੱਥ ਹੀ ਹੁੰਦੀ ਹੈ ਤੇ ਜਾਪਦਾ ਸੀ ਕਿ ਕੀਰਤੀ ਕਿਰਪਾਲ ਨੇ ਇਹ ਡੋਰ ਬਹੁਤ ਹੀ ਕੱਸ ਕੇ ਫੜੀ ਹੋਈ ਸੀ. ਇਕ-ਇਕ ਸ਼ਬਦ ਅਤੇ ਮੂਵਮੈਂਟ ਤੇ ਨਿਰਦੇਸ਼ਕ ਦੀ ਚਿਰੋਕਣੀ ਨਜ਼ਰ ਸੀ. ਪਾਤਰਾਂ ਦੀ ਆਪਸੀ ਜੁਗਲਬੰਦੀ ਵਿੱਚ ਵੀ ਨਿਰਦੇਸ਼ਕ ਨੇ ਬੜੇ ਹੀ ਸ਼ਾਨਦਾਰ ਅੰਦਾਜ਼ ਵਿੱਚ ਘੁੱਸਪੈਠ ਕੀਤੀ ਸੀ. ਸੱਤੀ ਨੂੰ ਥੋੜਾ ਲਾਉਡ ਰੱਖ ਕੇ ਤੇ ਫਟਾਫਟ ਸਿੰਘ ਨੂੰ ਥੋੜਾ ਅੰਡਰ ਰੱਖ ਕੇ ਨਿਰਦੇਸ਼ਕ ਨੇ ਜੋ ਵਿਰੋਧਾਭਾਸੀ ਟਕਰਾਅ ਪੈਦਾ ਕਰਕੇ ਜਿਗ-ਜੈਗ ਦੀ ਵਿਧੀ ਰਾਹੀ ਲਗਾਤਾਰ ਦਰਸ਼ਕਾਂ ਨੂੰ ਪੇਸ਼ਕਾਰੀ ਨਾਲ ਬੰਨ੍ਹੀ ਰੱਖਿਆ ਸੀ, ਕਮਾਲ ਦੀ ਤਕਨੀਕ ਸੀ. ਮੇਰੀ ਨਜ਼ਰ ਵਿੱਚ ਕੀਰਤੀ ਕਿਰਪਾਲ ਨੇ ਆਪਣੀ ਨਿਰਦੇਸ਼ਣ-ਸ਼ੈਲੀ ਵਿੱਚ ਇਕ ਕਦਮ ਹੋਰ ਪੁੱਟਿਆ ਹੈ.